BREAKING NEWS

ਪੰਜਾਬ

ਕਾਦੀਆਂ ਹਲਕੇ ਨੂੰ ਛੇਤੀ ਮਿਲੇਗਾ ਸਬ-ਡਵੀਜ਼ਨ ਦਾ ਦਰਜਾ; ਲੋਕਾਂ ਨੂੰ ਸਾਰੀਆਂ ਸਰਕਾਰੀ ਸਹੂਲਤਾਂ ਇੱਕੋ ਛੱਤ ਹੇਠ ਮਿਲਣਗੀਆਂ: ਮੁੱਖ ਮੰਤਰੀ ਭਗਵੰਤ ਮਾਨ

ਕੌਮੀ ਮਾਰਗ ਬਿਊਰੋ | June 29, 2026 09:31 PM

ਗੁਰਦਾਸਪੁਰ-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਲਾਨ ਕੀਤਾ ਕਿ ਕਾਦੀਆਂ ਹਲਕੇ ਨੂੰ ਸਬ-ਡਵੀਜ਼ਨ ਵਜੋਂ ਅਪਗ੍ਰੇਡ ਕੀਤਾ ਜਾਵੇਗਾ, ਜਿਸ ਨਾਲ ਲੋਕਾਂ ਦੀ ਲੰਬੇ ਸਮੇਂ ਤੋਂ ਲਟਕਦੀ ਆ ਰਹੀ ਮੰਗ ਪੂਰੀ ਹੋਵੇਗੀ ਅਤੇ ਆਧੁਨਿਕ ਪ੍ਰਸ਼ਾਸਨਿਕ ਕੰਪਲੈਕਸ ਰਾਹੀਂ ਸਾਰੀਆਂ ਪ੍ਰਮੁੱਖ ਸਰਕਾਰੀ ਸੇਵਾਵਾਂ ਇੱਕੋ ਛੱਤ ਹੇਠ ਉਪਲਬਧ ਹੋਣਗੀਆਂ। ਕਾਦੀਆਂ ਵਿੱਚ ਵਿਸ਼ੇਸ਼ ਜਨਤਕ ਪ੍ਰੋਗਰਾਮ ਦੌਰਾਨ ਉਨ੍ਹਾਂ ਨੇ ਅਕਾਲੀ ਲੀਡਰਸ਼ਿਪ 'ਤੇ ਤਿੱਖੇ ਨਿਸ਼ਾਨੇ ਸਾਧਦਿਆਂ ਕਿਹਾ ਕਿ ਉਨ੍ਹਾਂ ਨੇ ਵੋਟਾਂ ਹਾਸਲ ਕਰਨ ਲਈ ਲੋਕਾਂ ਨੂੰ ਡਰਾਇਆ-ਧਮਕਾਇਆ ਅਤੇ ਸਾਲਾਂਬੱਧੀ ਪੰਜਾਬ ਨੂੰ ਲੁੱਟਿਆ।

ਪੰਜਾਬੀਆਂ ਨੂੰ “ਚੋਰਾਂ, ਲੁਟੇਰਿਆਂ ਅਤੇ ਠੱਗਾਂ” ਵਿਰੁੱਧ ਇਕਜੁੱਟ ਹੋਣ ਦਾ ਸੱਦਾ ਦਿੰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਾਲ 2027 ਦੀਆਂ ਚੋਣਾਂ ਵਿੱਚ ‘ਝਾੜੂ’ ਨੂੰ ਇੰਨੇ ਫੈਸਲਾਕੁੰਨ ਢੰਗ ਨਾਲ ਚਲਾਉਣ ਕਿ ਵਿਰੋਧੀ ਧਿਰ ਨੂੰ ਸੂਬੇ ਨੂੰ ਗੰਧਲਾ ਕਰਨ ਦਾ ਦੁਬਾਰਾ ਕੋਈ ਮੌਕਾ ਨਾ ਮਿਲੇ। ਮੁੱਖ ਮੰਤਰੀ ਨੇ ਕਿਸਾਨਾਂ ਨੂੰ ਇਹ ਭਰੋਸਾ ਵੀ ਦਿੱਤਾ ਕਿ ਕੀੜੀ ਸ਼ੂਗਰ ਮਿੱਲ ਦੇ ਗੰਨੇ ਦੇ ਬਕਾਏ ਜਲਦ ਹੀ ਅਦਾ ਕਰ ਦਿੱਤੇ ਜਾਣਗੇ। ਮੁੱਖ ਮੰਤਰੀ ਨੇ ਆਪਣੀ ਸਰਕਾਰ ਦੀਆਂ ਲੋਕ-ਪੱਖੀ ਪਹਿਲਕਦਮੀਆਂ, ਜਿਨ੍ਹਾਂ ਵਿੱਚ 90 ਫੀਸਦ ਘਰਾਂ ਲਈ ਜ਼ੀਰੋ ਬਿਜਲੀ ਬਿੱਲ ਅਤੇ 47 ਲੱਖ ਪਰਿਵਾਰਾਂ ਲਈ 10 ਲੱਖ ਰੁਪਏ ਦਾ ਕੈਸ਼ਲੈੱਸ ਸਿਹਤ ਬੀਮਾ ਸ਼ਾਮਲ ਹੈ ਦਾ ਜ਼ਿਕਰ ਕਰਦਿਆਂ ਲੋਕਾਂ ਨੂੰ ‘ਰੰਗਲਾ ਪੰਜਾਬ’ ਬਣਾਉਣ ਵਿੱਚ ਇਕਜੁਟ ਹੋਣ ਦੀ ਅਪੀਲ ਕੀਤੀ।

ਇਸ ਪ੍ਰੋਗਰਾਮ ਦੀਆਂ ਕੁਝ ਝਲਕੀਆਂ ਸਾਂਝੀਆਂ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 'ਐਕਸ' 'ਤੇ ਲਿਖਿਆ: “ਮਾਝੇ ਦੀ ਬਹਾਦਰ ਧਰਤੀ ਅਤੇ ਕਾਦੀਆਂ ਹਲਕੇ ਦੇ ਲੋਕਾਂ ਦਾ ਅਥਾਹ ਪਿਆਰ ਅਤੇ ਸਨੇਹ ਲਈ ਤਹਿ ਦਿਲੋਂ ਧੰਨਵਾਦ। ਲੋਕਾਂ ਦੀ ਲੰਬੇ ਸਮੇਂ ਤੋਂ ਲਟਕਦੀ ਆ ਰਹੀ ਮੰਗ ਨੂੰ ਪੂਰਾ ਕਰਦਿਆਂ ਮੈਂ ਐਲਾਨ ਕੀਤਾ ਹੈ ਕਿ ਕਾਦੀਆਂ ਨੂੰ ਹੁਣ ਸਬ-ਡਵੀਜ਼ਨ ਬਣਾਇਆ ਜਾਵੇਗਾ। ਐਸ.ਡੀ.ਐਮ., ਡੀ.ਐਸ.ਪੀ., ਅਤੇ ਏ.ਡੀ.ਸੀ. ਦੇ ਦਫ਼ਤਰ ਇੱਕੋ ਆਧੁਨਿਕ ਇਮਾਰਤ ਤੋਂ ਕੰਮ ਕਰਨਗੇ, ਜਿਸ ਨਾਲ ਲੋਕਾਂ ਨੂੰ ਸਰਕਾਰੀ ਸੇਵਾਵਾਂ ਲੈਣ ਵਿੱਚ ਹੁੰਦੀ ਖ਼ੁਆਰੀ ਖ਼ਤਮ ਹੋਵੇਗੀ। ਹਲਕੇ ਦੇ ਵਿਕਾਸ ਨੂੰ ਹੋਰ ਤੇਜ਼ ਕਰਨ ਲਈ ਗੁਰਇਕਬਾਲ ਸਿੰਘ ਮਾਹਲ ਨੂੰ ਹਲਕੇ ਦਾ ਨਵਾਂ ਸੇਵਾਦਾਰ ਨਿਯੁਕਤ ਕੀਤਾ ਗਿਆ ਹੈ।”

“ਰਵਾਇਤੀ ਸਿਆਸੀ ਆਗੂਆਂ ਵੱਲੋਂ ਸ਼ੋਸ਼ਣ ਦਾ ਦੌਰ ਹੁਣ ਖ਼ਤਮ ਹੋ ਗਿਆ ਹੈ। ਅੱਜ ਪੰਜਾਬ ਦੇ 90 ਫੀਸਦ ਘਰਾਂ ਦੇ ਬਿਜਲੀ ਬਿੱਲ ਜ਼ੀਰੋ ਆ ਰਹੇ ਹਨ, ਅਤੇ 47 ਲੱਖ ਪਰਿਵਾਰ ਪਹਿਲਾਂ ਹੀ 10 ਲੱਖ ਰੁਪਏ ਦੇ ਕੈਸ਼ਲੈੱਸ ਸਿਹਤ ਇਲਾਜ ਦੇ ਕਾਰਡ ਪ੍ਰਾਪਤ ਕਰ ਚੁੱਕੇ ਹਨ। ਆਓ, ਅਸੀਂ ਸਾਰੇ ਮਿਲ ਕੇ ਖੁਸ਼ਹਾਲ ਪੰਜਾਬ ਦਾ ਨਿਰਮਾਣ ਕਰੀਏ।”

ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਇਹ ਵੱਡਾ ਇਕੱਠ ਦਰਸਾਉਂਦਾ ਹੈ ਕਿ ਕਾਦੀਆਂ ਦੇ ਲੋਕ ਬਦਲਾਅ ਲਿਆਉਣ ਅਤੇ ਇਸ ਹਲਕੇ ਨੂੰ ਉਸ ਪਰਿਵਾਰ ਤੋਂ ਮੁਕਤ ਕਰਵਾਉਣ ਲਈ ਬੇਸਬਰੀ ਨਾਲ ਉਡੀਕ ਕਰ ਰਹੇ ਹਨ ਜਿਸ ਨੇ ਦਹਾਕਿਆਂ ਤੱਕ ਇੱਥੇ ਰਾਜ ਕੀਤਾ ਹੈ। ਪਿਛਲੀਆਂ ਸਰਕਾਰਾਂ ਨੇ ਪੰਜਾਬ ਦੇ ਸਰਹੱਦੀ ਖੇਤਰ ਦੇ ਵਿਕਾਸ ਨੂੰ ਅਣਗੌਲਿਆ ਕੀਤਾ, ਪਰ ਸਾਡੀ ਸਰਕਾਰ ਨੇ ਇਸ ਦੀ ਤਰੱਕੀ ਨੂੰ ਯਕੀਨੀ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਹੈ। ਸਰਹੱਦ 'ਤੇ ਰਹਿਣ ਵਾਲੇ ਲੋਕ ਸੱਚੇ ਦੇਸ਼ ਭਗਤ ਹਨ ਜੋ ਹਮੇਸ਼ਾ ਦੇਸ਼ ਦੇ ਨਾਲ ਚੱਟਾਨ ਵਾਂਗ ਖੜ੍ਹੇ ਰਹੇ ਹਨ, ਅਤੇ ਸਾਡੀ ਸਰਕਾਰ ਉਨ੍ਹਾਂ ਦੀ ਭਲਾਈ ਲਈ ਪੂਰੀ ਤਰ੍ਹਾਂ ਵਚਨਬੱਧ ਹੈ।”

ਮੁੱਖ ਮੰਤਰੀ ਨੇ ਕਿਹਾ, “ਇਸ ਵਿਧਾਨ ਸਭਾ ਹਲਕੇ ਦੀ ਲੰਮਾ ਸਮਾਂ ਨੁਮਾਇੰਦਗੀ ਕਰਨ ਵਾਲੇ ਸਮੱਗਲਰਾਂ ਨੇ ਪੰਜਾਬ ਦੀਆਂ ਪੀੜ੍ਹੀਆਂ ਨੂੰ ਬਰਬਾਦ ਕਰ ਦਿੱਤਾ ਹੈ। ਲੋਕਾਂ ਨੂੰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਉਨ੍ਹਾਂ ਨੂੰ ਢੁਕਵਾਂ ਸਬਕ ਸਿਖਾਉਣਾ ਚਾਹੀਦਾ ਹੈ।”

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਮੇਰਾ ਨਾਮ ਰਵਾਇਤੀ ਪਾਰਟੀਆਂ ਦੇ ਆਗੂਆਂ ਲਈ ਡਰਾਉਣਾ ਸੁਪਨਾ ਬਣ ਗਿਆ ਹੈ ਕਿਉਂਕਿ ਮੈਂ ਉਨ੍ਹਾਂ ਦੇ ਮਾੜੇ ਕੰਮਾਂ ਨੂੰ ਲੋਕਾਂ ਸਾਹਮਣੇ ਬੇਨਕਾਬ ਕੀਤਾ ਹੈ। ਉਹ ਇਸ ਗੱਲ ਨੂੰ ਹਜ਼ਮ ਨਹੀਂ ਕਰ ਪਾ ਰਹੇ ਕਿ ਇੱਕ ਆਮ ਆਦਮੀ ਦਾ ਪੁੱਤ ਪੰਜਾਬ ਨੂੰ ਸਫ਼ਲਤਾਪੂਰਵਕ ਚਲਾ ਰਿਹਾ ਹੈ। ਲੋਕਾਂ ਨੇ ਇਨ੍ਹਾਂ ਆਗੂਆਂ ਨੂੰ ਪਹਿਲਾਂ ਹੀ ਨਕਾਰ ਦਿੱਤਾ ਹੈ ਕਿਉਂਕਿ ਉਨ੍ਹਾਂ ਨੇ ਹਮੇਸ਼ਾ ਪੰਜਾਬ ਤੇ ਪੰਜਾਬੀਆਂ ਨਾਲੋਂ ਆਪਣੇ ਪਰਿਵਾਰਾਂ ਦੀ ਜ਼ਿਆਦਾ ਪ੍ਰਵਾਹ ਕੀਤੀ ਹੈ।”

ਕਾਦੀਆਂ ਨੂੰ ਜਲਦ ਹੀ ਸਬ-ਡਵੀਜ਼ਨ ਬਣਾਉਣ ਦਾ ਐਲਾਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ, “ਸਾਰੀਆਂ ਰਸਮੀ ਕਾਰਵਾਈਆਂ ਛੇਤੀ ਹੀ ਪੂਰੀਆਂ ਕਰ ਲਈਆਂ ਜਾਣਗੀਆਂ ਤਾਂ ਜੋ ਲੋਕਾਂ ਨੂੰ ਆਪਣੇ ਕੰਮਾਂ ਲਈ ਜ਼ਿਆਦਾ ਇੰਤਜ਼ਾਰ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਡੁੱਬਦਾ ਹੋਇਆ ਜਹਾਜ਼ ਹੈ ਅਤੇ ਇਸ ਦੇ ਸੂਝਵਾਨ ਆਗੂ ਵੀ ਲੋਕਾਂ ਦੇ ਹਿੱਤ ਵਿੱਚ ਪਾਰਟੀ ਛੱਡ ਰਹੇ ਹਨ। ਸਾਲਾਂਬੱਧੀ ਲੋਕਾਂ ਨੇ ਅਕਾਲੀਆਂ ਨੂੰ ਇਹ ਸੋਚ ਕੇ ਵੋਟਾਂ ਪਾਈਆਂ ਕਿ ਉਹ ਮਹਾਨ ਗੁਰੂਆਂ ਦੀ ਪਵਿੱਤਰ ‘ਤਕੜੀ’ ਦੀ ਨੁਮਾਇੰਦਗੀ ਕਰਦੇ ਹਨ, ਪਰ ਉਨ੍ਹਾਂ ਨੇ ਲੋਕਾਂ ਨੂੰ ਲੁੱਟਿਆ ਅਤੇ ਗੈਰ-ਕਾਨੂੰਨੀ ਧੰਦਿਆਂ ਵਿੱਚੋਂ ਹਿੱਸਾ ਲਿਆ।”

ਮੁੱਖ ਮੰਤਰੀ ਨੇ ਕਿਹਾ, “ਅਕਾਲੀ, ਕਾਂਗਰਸ ਅਤੇ ਭਾਜਪਾ ਜਾਣਦੇ ਹਨ ਕਿ ਉਹ ਸਿਆਸੀ ਤੌਰ 'ਤੇ ਮੇਰਾ ਮੁਕਾਬਲਾ ਨਹੀਂ ਕਰ ਸਕਦੇ। ਇਸੇ ਕਰਕੇ ਉਹ ਨਕਲੀ ਵੀਡੀਓਜ਼ ਰਾਹੀਂ ਧਾਰਮਿਕ ਮੁੱਦਿਆਂ 'ਤੇ ਮੈਨੂੰ ਬਦਨਾਮ ਕਰਨ ਲਈ ਇਕੱਠੇ ਹੋਏ ਹਨ। ਅਕਾਲੀ ਲੀਡਰਸ਼ਿਪ ਨੇ ਪੰਜਾਬ ਨੂੰ ਬੇਰਹਿਮੀ ਨਾਲ ਲੁੱਟਿਆ ਅਤੇ ਆਮ ਲੋਕਾਂ 'ਤੇ ਅਣਗਿਣਤ ਨਾ-ਮਾਫ਼ੀਯੋਗ ਜ਼ੁਲਮ ਕੀਤੇ। ਉਨ੍ਹਾਂ ਨੇ ਸੂਬੇ ਨੂੰ ਤਬਾਹ ਕਰਨ ਵਾਲੇ ਮਾਫ਼ੀਏ ਦੀ ਪੁਸ਼ਤਪਨਾਹੀ ਕੀਤੀ ਅਤੇ ਨਸ਼ਿਆਂ ਦੇ ਕਾਰੋਬਾਰ ਨੂੰ ਉਤਸ਼ਾਹਿਤ ਕਰਨ ਲਈ ਉਨ੍ਹਾਂ ਨੂੰ ਕਦੇ ਮਾਫ਼ ਨਹੀਂ ਕੀਤਾ ਜਾ ਸਕਦਾ, ਜਿਸ ਨੇ ਉਨ੍ਹਾਂ ਦੇ ਲੰਬੇ ਸ਼ਾਸਨਕਾਲ ਦੌਰਾਨ ਪੰਜਾਬ ਦੀਆਂ ਪੀੜ੍ਹੀਆਂ ਨੂੰ ਬਰਬਾਦ ਕਰ ਦਿੱਤਾ ਸੀ।”

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਸਾਡੀ ਸਰਕਾਰ ਨੇ ਸੂਬੇ ਭਰ ਦੇ ਪਿੰਡਾਂ ਦੇ ਛੱਪੜਾਂ ਦੇ ਨਵੀਨੀਕਰਨ ਲਈ ਇੱਕ ਵੱਡੀ ਮੁਹਿੰਮ ਵੀ ਸ਼ੁਰੂ ਕੀਤੀ ਹੈ। ਇਨ੍ਹਾਂ ਛੱਪੜਾਂ ਦੀ ਸਫ਼ਾਈ, ਪਾਣੀ ਨੂੰ ਸੋਧਣ ਅਤੇ ਇਸ ਦੀ ਖੇਤੀਬਾੜੀ ਦੇ ਉਦੇਸ਼ਾਂ ਲਈ ਵਰਤੋਂ ਕਰਨ ਵਾਸਤੇ ਵਿਸਥਾਰਤ ਯੋਜਨਾ ਪਹਿਲਾਂ ਹੀ ਤਿਆਰ ਕੀਤੀ ਜਾ ਚੁੱਕੀ ਹੈ। ਇਹ ਪਹਿਲਕਦਮੀ ਤੇਜ਼ੀ ਨਾਲ ਘਟ ਰਹੇ ਜ਼ਮੀਨ ਹੇਠਲੇ ਪਾਣੀ ਦੇ ਦਬਾਅ ਨੂੰ ਘਟਾਉਣ ਵਿੱਚ ਮਦਦ ਕਰੇਗੀ ਅਤੇ ਪੂਰੇ ਪੰਜਾਬ ਵਿੱਚ ਟਿਕਾਊ ਸਿੰਚਾਈ ਨੂੰ ਮਜ਼ਬੂਤ ਕਰੇਗੀ।”

Have something to say? Post your comment

 
 
 
 

ਪੰਜਾਬ

ਹਰ ਖੇਤ ਤੱਕ ਨਹਿਰੀ ਪਾਣੀ ਪਹੁੰਚਾਉਣ ਲਈ ਸਾਡੀ ਸਰਕਾਰ 7,000 ਕਿਲੋਮੀਟਰ ਨਵੀਂਆਂ ਪਾਈਪਲਾਈਨਾਂ ਵਿਛਾਏਗੀ: ਮੁੱਖ ਮੰਤਰੀ ਭਗਵੰਤ ਮਾਨ

ਜਦੋ ਬੀਬੀ ਗਨੀਵ ਕੌਰ ਨੇ ਵਿਧਾਨ ਸਭਾ ਦੀ ਕਾਰਵਾਈ ਦਾ ਸੱਚ ਸੁਣਾਇਆ

ਕੀ ਤੁਸੀ ਬਿਲ ਪੜਿਆ -ਗੜਗੱਜ

ਜਦੋ ਵਿਧਾਇਕ ਨਿੱਜਰ ਨੇ ਸਿੱਧੇ ਪ੍ਰਸਾਰਣ ਤੇ ਇਤਰਾਜ ਕੀਤਾ

ਪੰਜਾਬ ਸਰਕਾਰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪ੍ਰਸਤਾਵਿਤ ਸੋਧਾਂ ਦੀ ਪੜਚੋਲ ਕਰੇਗੀ ਅਤੇ ਸਕਾਰਾਤਮਕ ਫੈਸਲਾ ਲਵੇਗੀ: ਹਰਪਾਲ ਸਿੰਘ ਚੀਮਾ

ਸਿੱਖਾਂ ਦੇ ਧਾਰਮਿਕ ਮਾਮਲਿਆਂ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਸਲਾਹ-ਮਸ਼ਵਰਾ ਕਰਨ ਲਈ ਪਾਬੰਦ ਹੈ ਸਰਕਾਰ: ਵੜਿੰਗ

ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਪੰਜਾਬ ਸਰਕਾਰ ਨੂੰ ਸਿੱਖ ਭਾਵਨਾਵਾਂ ਅਨੁਸਾਰ ਸੋਧ ਕਰਨ ਲਈ ਇੱਕ ਮਹੀਨੇ ਦਾ ਦਿੱਤਾ ਗਿਆ ਸਮਾਂ

ਸਰਕਾਰ ਨੇ ਨਸ਼ਾ ਛਡਾਊ ਅਤੇ ਮੁੜ ਵਸੇਬਾ ਕੇਂਦਰਾਂ ਵਿੱਚ ਬੈੱਡਾਂ ਦੀ ਗਿਣਤੀ 1,500 ਤੋਂ ਵਧਾ ਕੇ 5,000 ਕੀਤੀ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਪੰਜਾਬ ਸਰਕਾਰ ਦੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ‘ਤੇ ਸ਼ਿਕਾਇਤ ਦਰਜ ਕਰਨ ਉਪਰੰਤ 368 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ

ਬੁਢਾਪਾ ਪੈਨਸ਼ਨ ਲਈ 1,048 ਕਰੋੜ ਰੁਪਏ; ਔਰਤਾਂ, ਬੱਚਿਆਂ ਅਤੇ ਦਿਵਿਆਂਗ ਵਿਅਕਤੀਆਂ ਲਈ 535 ਕਰੋੜ ਰੁਪਏ ਜਾਰੀ